ਮੋਦੀ ਸ਼ਾਹ ਤੇ ਖੱਟੜ ਦਾ ਪੁਤਲਾ ਸਾੜਿਆ
ਮਾਨਸਾ, 23 ਫਰਵਰੀ ਬੋਲੇ ਪੰਜਾਬ ਬਿੳਰੋ
ਪੰਜਾਬ ਦੀਆਂ ਹੱਦਾਂ ਉਤੇ ਮੋਦੀ ਤੇ ਖੱਟੜ ਸਰਕਾਰਾਂ ਵਲੋਂ ਅੰਦੋਲਨਕਾਰੀ ਕਿਸਾਨਾਂ ਮਜ਼ਦੂਰਾਂ ਉਤੇ ਢਾਹੇ ਜਬਰ ਦੇ ਖਿਲਾਫ ਅੱਜ ਇਥੇ ਕਾਲਾ ਦਿਨ ਮਨਾਉਂਦੇ ਹੋਏ ਸੰਯੁਕਤ ਕਿਸਾਨ ਮੋਰਚੇ ਤੇ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਵਰਕਰਾਂ ਵਲੋਂ ਰੋਸ ਰੈਲੀ ਤੇ ਵਿਖਾਵਾ ਕਰਨ ਤੋਂ ਬਾਦ ਜ਼ਿਲਾ ਕਚਿਹਰੀ ਦੇ ਗੇਟ ‘ਤੇ ਪਹੁੰਚ ਕੇ ਪ੍ਰਧਾਨ ਮੰਤਰੀ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟੜ ਦਾ ਪੁਤਲਾ ਸਾੜਿਆ ਗਿਆ।
ਇਸ ਮੌਕੇ ਐਸਕੇਐਮ ਦੇ ਆਗੂ ਮੱਖਣ ਸਿੰਘ ਭੈਣੀਬਾਘਾ, ਪਰਮਜੀਤ ਸਿੰਘ ਗਾਗੋਵਾਲ, ਕਰਨੈਲ ਸਿੰਘ ਮਾਨਸਾ, ਸਿਮਰਨਜੀਤ ਕੁਲਰੀਆਂ, ਕ੍ਰਿਸ਼ਨ ਚੌਹਾਨ, ਦਲਜੀਤ ਮਾਨਸ਼ਾਹੀਆ, ਸੁਖਦੇਵ ਸਿੰਘ ਅਤਲਾ, ਮੇਜਰ ਸਿੰਘ ਦੂਲੋਵਾਲ, ਸ਼ਿੰਦਰ ਕੌਰ, ਰੂਪ ਸਿੰਘ ਢਿੱਲੋਂ, ਗੁਰਮੀਤ ਸਿੰਘ ਧਾਰੀਵਾਲ, ਡਾਕਟਰ ਧੰਨਾ ਮੱਲ ਗੋਇਲ ਅਤੇ ਲਿਬਰੇਸ਼ਨ ਵਲੋਂ ਜਸਬੀਰ ਕੌਰ ਨੱਤ, ਬਲਵਿੰਦਰ ਕੌਰ ਖਾਰਾ, ਕ੍ਰਿਸ਼ਨਾ ਕੌਰ ਮਾਨਸਾ, ਸੁਖਦਰਸ਼ਨ ਸਿੰਘ ਨੱਤ, ਗੁਰਸੇਵਕ ਸਿੰਘ ਮਾਨ, ਗਗਨਦੀਪ ਸਿਰਸੀਵਾਲਾ, ਵਿਜੇ ਕੁਮਾਰ ਭੀਖੀ, ਗੋਰਾ ਲਾਲ ਅਤਲਾ ਤੇ ਹੋਰ ਹਾਜ਼ਰ ਸਨ।
ਵਿਖਾਵਾਕਾਰੀਆਂ ਵਲੋਂ ਸ਼ਹੀਦ ਨੌਜਵਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਮੁਆਵਜ਼ਾ, ਦੋਸ਼ੀ ਪੁਲਸੀਆਂ ਸਮੇਤ ਅਮਿਤ ਸ਼ਾਹ ਤੇ ਖੱਟੜ ਖ਼ਿਲਾਫ਼ ਕਤਲ ਕੇਸ ਦਰਜ ਕਰਨ, ਫੱਟੜ ਕਿਸਾਨਾਂ ਨੂੰ ਸਹਾਇਤਾ ਅਤੇ ਕਿਸਾਨਾਂ ਦੇ ਟਰੈਕਟਰਾਂ ਦੇ ਹੋਏ ਨੁਕਸਾਨ ਦੀ ਪੂਰਤੀ ਦੀ ਮੰਗ ਵੀ ਕੀਤੀ ਗਈ ।