ਸਿੱਖਾਂ ਨੂੰ ਦੇਸ਼ਭਗਤ ਸਾਬਤ ਕਰਨ ਲਈ ਭਾਜਪਾ ਜਾਂ ਕਿਸੇ ਹੋਰ ਤੋਂ ਨਹੀਂ ਚਾਹੀਦਾ ਪ੍ਰਮਾਣ-ਪੱਤਰ
ਨਵੀਂ ਦਿੱਲੀ, 21 ਫਰਵਰੀ ਬੋਲੇ ਪੰਜਾਬ ਬਿੳਰੋ(ਮਨਪ੍ਰੀਤ ਸਿੰਘ ਖਾਲਸਾ): ਪੱਛਮੀ ਬੰਗਾਲ ਵਿੱਚ ਭਾਜਪਾਈ ਕਾਰਕੁਨ੍ਹਾਂ ਦੇ ਪ੍ਰਦਰਸ਼ਨ ਦੇ ਦੌਰਾਨ ਭਾਜਪਾ ਵਰਕਰਾਂ ਦੁਆਰਾ ਆਈਪੀਐਸ ਅਧਿਕਾਰੀ ਜਸਪ੍ਰੀਤ ਸਿੰਘ ਨੂੰ ਖਾਲਿਸਤਾਨੀ ਕਹਿਣ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਰਨਾ ਨੇ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਹੈ।
ਜਾਰੀ ਕੀਤੇ ਬਿਆਨ ਵਿੱਚ ਸਰਦਾਰ ਸਰਨਾ ਨੇ ਕਿਹਾ ਕਿ ਇੱਕ ਸਿੱਖ ਪੁਲਿਸ ਅਧਿਕਾਰੀ ਦੀ ਦਸਤਾਰ ਦੇਖ ਕੇ ਉਨ੍ਹਾਂ ਨੂੰ ਖਾਲਿਸਤਾਨੀ ਕਹਿਣਾ ਨਿੰਦਣਯੋਗ ਹੈ ਅਤੇ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਤੀਕ ਹੈ। ਓਹ ਆਪਣੀ ਨੌਕਰੀ ਪ੍ਰਤੀ ਈਮਾਨਦਾਰੀ ਦੀ ਜ਼ਿੰਮੇਵਾਰੀ ਨਿਭਾ ਰਹੇ ਸੀ ਪਰ ਭਾਜਪਾ ਦੇ ਕਾਰਕੁਨ੍ਹਾਂ ਤੋਂ ਇਹ ਬਰਦਾਸ਼ਤ ਨਹੀਂ ਹੋਇਆ, ਇਸ ਲਈ ਉਨ੍ਹਾਂ ਨੇ ਉਨ੍ਹਾਂ ਦੇ ਨਾਲ ਦੁਰਵਿਵਹਾਰ ਕੀਤਾ ਜੋ ਕਿ ਹਰ ਹਾਲਤ ਵਿੱਚ ਸ਼ਰਮਨਾਕ ਅਤੇ ਗੰਦੀ ਹਰਕਤ ਹੈ। ਇਸ ਨਾਲ ਇਹ ਸਾਬਤ ਹੋ ਰਿਹਾ ਹੈ ਕਿ ਹੁਣ ਇਸ ਦੇਸ਼ ਵਿੱਚ ਕਿਸੇ ਵੀ ਸਰਕਾਰੀ ਅਧਿਕਾਰੀ ਲਈ ਆਪਣੀ ਜ਼ਿੰਮੇਵਾਰੀ ਨਿਭਾਉਣਾ ਮੁਸ਼ਕਲ ਹੈ । ਵਿਸ਼ੇਸ਼ਤੌਰ ਉੱਤੇ ਜੇ ਉਹ ਸਿੱਖ ਭਾਈਚਾਰੇ ਤੋਂ ਹੈ ।
ਉਨ੍ਹਾਂ ਕਿਹਾ ਕਿ ਸੱਭਿਆਚਾਰਕ ਭਾਈਚਾਰਾ ਇਸ ਗੱਲ ਤੋਂ ਜਾਣੂ ਹੈ ਕਿ ਸਿੱਖ ਕੌਮ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੁਰਬਾਨੀਆਂ ਸਭ ਤੋਂ ਵੱਧ ਕੁਰਬਾਣੀਆਂ ਦਿੱਤੀਆਂ ਹਨ । ਅੱਜ ਵੀ ਸਿੱਖ ਸੈਨਿਕ ਦੇਸ਼ ਦੀਆਂ ਸੀਮਾਵਾਂ ‘ਤੇ ਆਪਣੀ ਜਾਨ ਤੱਕ ਨਿਆਉਛਵਰ ਕਰ ਦੇਂਦੇ ਹਨ । ਇਸ ਲਈ ਸਿਖਾਂ ਨੂੰ ਦੇਸ਼ਭਗਤ ਸਾਬਤ ਕਰਨ ਲਈ ਭਾਜਪਾ ਜਾਂ ਕਿਸੇ ਹੋਰ ਤੋਂ ਸਰਟੀਫੀਕੇਟ ਲੈਣ ਦੀ ਲੋੜ ਨਹੀਂ ਹੈ। ਅੱਜ ਪੂਰੇ ਦੇਸ਼ ਵਿੱਚ ਸਿੱਖਾਂ ਦੇ ਵਿਰੁੱਧ ਜਿਸ ਤਰ੍ਹਾਂ ਦਾ ਮਹੌਲ ਬਣਾਇਆ ਜਾ ਰਿਹਾ ਹੈ, ਇੱਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਇਸ ਨਾਲ ਸਿਖਾਂ ਦਾ ਨਹੀਂ, ਦੇਸ਼ ਦਾ ਨੁਕਸਾਨ ਹੈ।