ਮੋਹਾਲੀ, 21 ਫਰਵਰੀ: ਬੋਲੇ ਪੰਜਾਬ ਬਿਓਰੋ
ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਮਿਤੀ 21.02.2024 ਨੂੰ ਕੌਮਾਂਤਰੀ ਮਾਤ ਭਾਸ਼ਾ ਦਿਹਾੜੇ ਦੇ ਮੌਕੇ ’ਤੇ ਅਹਿਦ ਸਮਾਗਮ ਅਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਐੱਸ.ਕੇ.ਅਗਰਵਾਲ (ਪ੍ਰਧਾਨ, ਜ਼ਿਲ੍ਹਾ ਖਪਤਕਾਰ ਕਮਿਸ਼ਨ, ਐੱਸ.ਏ.ਐੱਸ.ਨਗਰ) ਸਨ। ਸਮਾਗਮ ਦੀ ਪ੍ਰਧਾਨਗੀ ਪ੍ਰੋ. ਸਰਬਜੀਤ ਸਿੰਘ ਵੱਲੋਂ ਕੀਤੀ ਗਈ ਅਤੇ ਮੁੱਖ ਬੁਲਾਰੇ ਵਜੋਂ ਡਾ. ਹਰਜੀਤ ਸਿੰਘ (ਡੀ.ਏ.ਵੀ. ਕਾਲਜ, ਸੈਕਟਰ-10, ਚੰਡੀਗੜ੍ਹ) ਅਤੇ ਸ. ਜਗਤਾਰ ਸਿੰਘ ਸੋਖੀ (ਉੱਘੇ ਅੱਖਰਕਾਰ) ਸ਼ਾਮਿਲ ਹੋਏ। ਸਮਾਗਮ ਦੇ ਆਰੰਭ ਵਿੱਚ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਇਸ ਮੁਕੱਦਸ ਦਿਹਾੜੇ ’ਤੇ ਪੰਜਾਬੀ ਭਾਸ਼ਾ ਦੀ ਸਥਿਤੀ, ਚੁਣੌਤੀਆਂ ਦੇ ਪਰਿਪੇਖ ’ਚ ਗੱਲ ਕਰਦਿਆਂ ਸਮੁੱਚੇ ਪ੍ਰੋਗਰਾਮ ਦੀ ਰੂਪ-ਰੇਖਾ ਸਾਂਝੀ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਸਭ ਹਾਜ਼ਰੀਨ ਸ਼ਖਸੀਅਤਾਂ ਵੱਲੋਂ “ਪੰਜਾਬੀ ਮਾਂ-ਬੋਲੀ ਲਈ ਅਹਿਦ” ਲੈ ਕੇ ਕੀਤੀ ਗਈ।
ਇਸ ਉਪਰੰਤ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਲਿਖੀ ਗਈ ਪੁਸਤਕ ‘ਪਾਣੀਆਂ ਦੀ ਧਰਤੀ: ਕੈਨੇਡਾ’ ਨੂੰ ਸਮੂਹ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰੋ. ਸਰਬਜੀਤ ਸਿੰਘ ਵੱਲੋਂ ਮਾਤ ਭਾਸ਼ਾ ਦਿਹਾੜੇ ਦੀ ਵਧਾਈ ਦਿੰਦਿਆਂ ਆਖਿਆ ਕਿ ਭਾਸ਼ਾ ਪ੍ਰਤੀ ਚੇਤਨਾ ਦਾ ਮਸਲਾ ਬੁਨਿਆਦੀ ਮਸਲਾ ਹੈ। ਉਹਨਾਂ ਇਹ ਵੀ ਆਖਿਆ ਕਿ ਜਦੋਂ ਤੱਕ ਕੋਈ ਵੀ ਭਾਸ਼ਾ ਗਿਆਨ, ਵਿਗਿਆਨ, ਸਿੱਖਿਆ ਤੇ ਰੁਜ਼ਗਾਰ ਦੀ ਭਾਸ਼ਾ ਨਹੀਂ ਬਣਦੀ ਉਸਦਾ ਜਿਊਂਦਾ ਰਹਿਣਾ ਸੰਭਵ ਨਹੀਂ ਹੈ। ਸ੍ਰੀ ਐੱਸ.ਕੇ.ਅਗਰਵਾਲ (ਸਾਬਕਾ ਜੱਜ) ਵੱਲੋਂ ਰਾਜ ਭਾਸ਼ਾ ਐਕਟ ਤੇ ਗੱਲ ਕਰਦਿਆਂ ਕਿਹਾ ਗਿਆ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਆਪਣੀ ਮਾਤ-ਭਾਸ਼ਾ ਪੰਜਾਬੀ ਨੂੰ ਪਹਿਲ ਦਿੰਦਿਆਂ ਬਹੁਤ ਕੁਝ ਹਾਸਿਲ ਕੀਤਾ ਹੈ। ਉਹਨਾਂ ਸਵਾਮੀ ਵਿਵੇਕਾਨੰਦ ਦੀ ਉਦਾਹਰਣ ਦਿੰਦਿਆਂ ਆਖਿਆ ਕਿ ਸਾਨੂੰ ਸਭ ਨੂੰ ਆਪਣੀ ਮਾਤ-ਭਾਸ਼ਾ ਦੇ ਨਾਲ-ਨਾਲ ਦੂਜਿਆਂ ਦੀ ਮਾਤ-ਭਾਸ਼ਾ ਨੂੰ ਵੀ ਸਤਿਕਾਰ ਦੇਣਾ ਚਾਹੀਦਾ ਹੈ।
ਡਾ. ਹਰਜੀਤ ਸਿੰਘ ਵੱਲੋਂ ‘ਪੰਜਾਬੀ ਭਾਸ਼ਾ ਅਤੇ ਮਸ਼ੀਨੀ ਬੁੱਧੀਮਾਨਤਾ’ਤੇ ਗੱਲ ਕਰਦਿਆਂ ਆਖਿਆ ਕਿ ਮਸਨੂਈ ਬੁੱਧੀ ਕਿਵੇਂ ਸਾਡੀ ਆਉਣ ਵਾਲੀ ਜ਼ਿੰਦਗੀ ਵਿੱਚ ਜ਼ਰੂਰੀ ਹਿੱਸਾ ਬਣ ਜਾਵੇਗੀ ਅਤੇ ਸਮੇਂ ਦੇ ਹਾਣ ਦਾ ਬਣਨ ਲਈ ਸਾਨੂੰ ਮਸ਼ੀਨੀ ਬੁੱਧੀਮਾਨਤਾ ਦੇ ਮੰਚ ਤੇ ਪੰਜਾਬੀ ਭਾਸ਼ਾ ਲਈ ਸੁਹਿਰਦ ਹੋ ਕੇ ਯਤਨ ਕਰਨ ਦੀ ਲੋੜ ਹੈ। ਸ਼੍ਰੀ ਜਗਤਾਰ ਸਿੰਘ ਸੋਖੀ ਵੱਲੋਂ ਪੰਜਾਬੀ ਅੱਖਰਕਾਰੀ ਅਤੇ ਸੁੰਦਰ ਲਿਖਾਈ ਵਿਚ ਫ਼ਰਕ ਕਰਦੇ ਹੋਏ ਕਿਹਾ ਕਿ ਜਦੋਂ ਕਿਸੇ ਅੱਖਰਕਾਰ ਕਿਸੇ ਅੱਖਰ ਨੂੰ ਆਪਣੀ ਕਲਾਕਾਰੀ ਵਿਚ ਢਾਲਦਾ ਹੈ ਤਾਂ ਉਹ ਅੱਖਰਕਾਰੀ ਬਣਦੀ ਹੈ। ਉਨ੍ਹਾਂ ਨੇ ਪੰਜਾਬੀ ਅੱਖਰਕਾਰੀ ਦੇ ਇਤਿਹਾਸ, ਮੁਢਲੇ ਨੁਕਤਿਆਂ ਅਤੇ ਭਵਿੱਖੀ ਸੰਭਾਵਨਾਵਾਂ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ।