ਨਵੀਂ ਦਿੱਲੀ, 21 ਫਰਵਰੀ ,ਬੋਲੇ ਪੰਜਾਬ ਬਿਓਰੋ : ਬੀਜੇਪੀ ਲੀਡਰ ਵੱਲੋਂ ਪੱਛਮੀ ਬੰਗਾਲ ਦੇ ਆਈਪੀਐਸ ਅਧਿਕਾਰੀ ਨੂੰ ਖਾਲਿਸਤਾਨੀ ਕਹਿਣ ਦਾ ਮਾਮਲਾ ਭਖ ਗਿਆ ਹੈ। ਆਮ ਆਦਮੀ ਪਾਰਟੀ ਨੇ ਕਿਹਾ ਕਿ ਦਸਤਾਰ ਦੇਸ਼ ਦੀ ਸੁਰੱਖਿਆ ਦੀ ਗਾਰੰਟੀ ਹੈ ਤੇ ਪੱਛਮੀ ਬੰਗਾਲ ਦੇ ਆਈਪੀਐਸ ਅਧਿਕਾਰੀ ਨੂੰ ਖਾਲਿਸਤਾਨੀ ਕਹਿਣ ‘ਤੇ ਭਾਜਪਾ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਆਮ ਆਦਮੀ ਪਾਰਟੀ ਦੇ ਦਿੱਲੀ ਦੇ ਕਨਵੀਨਰ ਗੋਪਾਲ ਰਾਏ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਸਿੱਖ ਅਫਸਰ ਦਾ ਅਪਮਾਨ ਦਰਸਾਉਂਦਾ ਹੈ ਕਿ ਭਾਜਪਾ ਨੇਤਾਵਾਂ ਨੂੰ ਲੋਕਾਂ ਦੇ ਰੰਗ, ਧਰਮ ਤੇ ਜਾਤ ਪ੍ਰਤੀ ਕਿੰਨੀ ਨਫ਼ਰਤ ਹੈ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਸਿੱਖ ਪਰਿਵਾਰ ਵਿੱਚ ਹੋਇਆ, ਕਰਤਾਰ ਸਿੰਘ ਸਰਾਭਾ ਜਵਾਨੀ ਵਿੱਚ ਹੀ ਸ਼ਹੀਦ ਹੋ ਗਿਆ, ਸ਼ਹੀਦਾਂ ਦੀ ਸੂਚੀ ਵਿੱਚ ਪੰਜਾਬੀ ਸਿਖਰ ‘ਤੇ ਹੈ ਪਰ ਭਾਜਪਾ ਉਨ੍ਹਾਂ ਨੂੰ ਗੱਦਾਰ ਕਹਿ ਰਹੀ ਹੈ।
ਗੋਪਾਲ ਰਾਏ ਨੇ ਦੋਸ਼ ਲਾਇਆ ਕਿ ਭਾਜਪਾ ਨੇਤਾਵਾਂ ਨੇ ਆਈਪੀਐਸ ਅਫਸਰ ਨੂੰ ਖਾਲਿਸਤਾਨੀ ਕਿਹਾ ਕਿਉਂਕਿ ਉਹ ਸਿੱਖ ਪਰਿਵਾਰ ਵਿੱਚ ਪੈਦਾ ਹੋਇਆ ਸੀ ਅਤੇ ਪੱਗ ਬੰਨ੍ਹਦਾ ਹੈ। ਉਨ੍ਹਾਂ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਭਾਜਪਾ ਆਗੂ ਹਰ ਕਿਸੇ ਨੂੰ ਗੱਦਾਰ, ਅਤਿਵਾਦੀ, ਖਾਲਿਸਤਾਨੀ, ਨਕਸਲੀ ਦੇ ਸਰਟੀਫਿਕੇਟ ਵੰਡਦੇ ਫਿਰ ਰਹੇ ਹਨ।