ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨਗੇ, ਕੇਂਦਰੀ ਖੇਤੀਬਾੜੀ ਮੰਤਰੀ ਵੱਲੋਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ
ਚੰਡੀਗੜ੍ਹ, 21 ਫਰਵਰੀ, ਬੋਲੇ ਪੰਜਾਬ ਬਿਊਰੋ :
ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਗਰੰਟੀ ‘ਤੇ ਕੇਂਦਰ ਦੇ ਪ੍ਰਸਤਾਵ ਨੂੰ ਠੁਕਰਾਉਣ ਤੋਂ ਬਾਅਦ ਕਿਸਾਨ ਅੱਜ ਬੁੱਧਵਾਰ ਨੂੰ ਸਵੇਰੇ 11 ਵਜੇ ਦਿੱਲੀ ਵੱਲ ਮਾਰਚ ਕਰਨਗੇ। ਇਸ ਦੇ ਲਈ ਉਹ ਬੁਲਡੋਜ਼ਰ, ਹਾਈਡ੍ਰੌਲਿਕ ਕ੍ਰੇਨ, ਬੁਲੇਟਪਰੂਫ ਕਰੇਨ ਵਰਗੀਆਂ ਭਾਰੀ ਮਸ਼ੀਨਾਂ ਲੈ ਕੇ ਸਰਹੱਦ ‘ਤੇ ਇਕੱਠੇ ਹੋਏ ਹਨ। ਅੱਥਰੂ ਗੈਸ ਦੇ ਗੋਲਿਆਂ ਤੋਂ ਬਚਾਅ ਲਈ ਵੱਡੀ ਗਿਣਤੀ ਵਿੱਚ ਮਾਸਕ ਵੀ ਉਨ੍ਹਾਂ ਕੋਲ ਹਨ। ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਸਾਰੇ ਸ਼ਾਂਤੀ ਚਾਹੁੰਦੇ ਹਾਂ ਅਤੇ ਸਾਨੂੰ ਮਿਲ ਕੇ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ, ਅਸੀਂ ਕਈ ਪ੍ਰਸਤਾਵਾਂ ‘ਤੇ ਚਰਚਾ ਕੀਤੀ। ਅਸੀਂ ਜਾਣਦੇ ਹਾਂ ਕਿ ਕਿਸਾਨ ਤਜਵੀਜ਼ਾਂ ਤੋਂ ਸੰਤੁਸ਼ਟ ਨਹੀਂ ਹਨ, ਪਰ ਇਹ ਚਰਚਾ ਜਾਰੀ ਰਹਿਣੀ ਚਾਹੀਦੀ ਹੈ, ਸਾਨੂੰ ਸ਼ਾਂਤੀਪੂਰਵਕ ਹੱਲ ਲੱਭਣਾ ਚਾਹੀਦਾ ਹੈ। MSP ‘ਤੇ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰਨ ਦਾ ਜ਼ਿਕਰ ਕਰਦੇ ਹੋਏ ਮੁੰਡਾ ਨੇ ਕਿਹਾ, ਅਸੀਂ ਚੰਗਾ ਕਰਨਾ ਚਾਹੁੰਦੇ ਹਾਂ। ਇਸ ਲਈ ਵਿਚਾਰ ਦਿੱਤੇ ਜਾ ਸਕਦੇ ਹਨ। ਅਸੀਂ ਹਮੇਸ਼ਾ ਚੰਗੀ ਫੀਡਬੈਕ ਦਾ ਸੁਆਗਤ ਕਰਦੇ ਹਾਂ। ਪਰ, ਸੰਵਾਦ ਹੀ ਇਸ ਗੱਲ ਦਾ ਹੱਲ ਲੱਭਣ ਦਾ ਇੱਕੋ ਇੱਕ ਤਰੀਕਾ ਹੈ।