ਚੰਡੀਗੜ੍ਹ, 20 ਫਰਵਰੀ, ਬੋਲੇ ਪੰਜਾਬ ਬਿਊਰੋ :
ਚੰਡੀਗੜ੍ਹ ਪੁਲਿਸ ਦੀ ਇੱਕ ਪੀਸੀਆਰ ਗੱਡੀ, ਜੋ ਕਿ ਅਪਰਾਧੀਆਂ ਨੂੰ ਫੜਨ ਅਤੇ ਜ਼ਖਮੀਆਂ ਨੂੰ ਹਸਪਤਾਲਾਂ ਤੱਕ ਪਹੁੰਚਾਉਣ ਲਈ ਸੜਕਾਂ ‘ਤੇ ਗਸ਼ਤ ਕਰਨ ਲਈ ਵਰਤੀ ਜਾਂਦੀ ਸੀ, ਨੂੰ ਅੱਜ ਮੰਗਲਵਾਰ ਸਵੇਰੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਇਸ ਘਟਨਾ ਵਿੱਚ ਪੀਸੀਆਰ ਗੱਡੀ ਵਿੱਚ ਮੌਜੂਦ ਜਵਾਨ ਪੂਰੀ ਤਰ੍ਹਾਂ ਸੁਰੱਖਿਅਤ ਦੱਸੇ ਜਾਂਦੇ ਹਨ।
ਜਾਣਕਾਰੀ ਅਨੁਸਾਰ ਇੰਡਸਟਰੀਅਲ ਏਰੀਆ ਥਾਣਾ ਖੇਤਰ ਅਧੀਨ ਪੈਂਦੀ ਕਾਲੋਨੀ ਨੰਬਰ 4 (ਹੁਣ ਢਾਹ ਦਿੱਤੀ ਗਈ) ਲਾਈਟ ਪੁਆਇੰਟ ਨੇੜੇ ਚੰਡੀਗੜ੍ਹ ਪੁਲੀਸ ਦੀ ਇੱਕ ਪੀਸੀਆਰ ਗੱਡੀ ਖੜ੍ਹੀ ਸੀ।ਅੱਜ ਮੰਗਲਵਾਰ ਤੜਕੇ 3:55 ਵਜੇ ਫਾਇਰ ਵਿਭਾਗ ਨੂੰ ਪੀ.ਸੀ.ਆਰ. ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਕਰੀਬ 10 ਮਿੰਟਾਂ ‘ਚ ਅੱਗ ‘ਤੇ ਕਾਬੂ ਪਾ ਲਿਆ ਗਿਆ।
ਅੱਗ ਪੀਸੀਆਰ ਗੱਡੀ ਦੇ ਇੰਜਣ ‘ਚ ਲੱਗੀ ਸੀ। ਇਸ ਕਾਰਨ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।