ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਜੇਤੂ ਘੋਸ਼ਿਤ
ਚੰਡੀਗੜ੍ਹ, 20 ਫਰਵਰੀ, ਬੋਲੇ ਪੰਜਾਬ ਬਿਊਰੋ :
ਸੁਪਰੀਮ ਕੋਰਟ ਨੇ ਅੱਜ ਮੰਗਲਵਾਰ ਨੂੰ ਚੰਡੀਗੜ੍ਹ ਮੇਅਰ ਦੀ ਚੋਣ ‘ਤੇ ਇਤਿਹਾਸਕ ਫੈਸਲਾ ਸੁਣਾਇਆ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਨੇ ਹੁਕਮ ਦਿੱਤਾ ਹੈ ਕਿ ਮੇਅਰ ਚੋਣਾਂ ਵਿੱਚ ਅਯੋਗ ਐਲਾਨੇ ਗਏ 8 ਬੈਲਟ ਪੇਪਰਾਂ ਨੂੰ ਜਾਇਜ਼ ਮੰਨਿਆ ਜਾਵੇ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਨੂੰ ਮੇਅਰ ਐਲਾਨ ਦਿੱਤਾ ਗਿਆ।
ਬੈਂਚ ਨੇ ਕਿਹਾ ਕਿ ਪਟੀਸ਼ਨਰ ਨੂੰ 12 ਵੋਟਾਂ ਮਿਲੀਆਂ ਸਨ। ਅੱਠ ਵੋਟਾਂ ਗਲਤ ਤਰੀਕੇ ਨਾਲ ਅਯੋਗ ਕਰਾਰ ਦਿੱਤੀਆਂ ਗਈਆਂ। ਬਾਅਦ ਵਿੱਚ ਇਹ ਅੱਠ ਵੋਟਾਂ ਪਟੀਸ਼ਨਕਰਤਾ ਦੇ ਹੱਕ ਵਿੱਚ ਪਾਈਆਂ ਗਈਆਂ। ਇਸ ਤਰ੍ਹਾਂ ਅੱਠ ਵੋਟਾਂ ਜੋੜ ਕੇ ਪਟੀਸ਼ਨਰ ਦੀਆਂ 20 ਵੋਟਾਂ ਬਣ ਜਾਂਦੀਆਂ ਹਨ। ਇਸ ਲਈ ‘ਆਪ’ ਕੌਂਸਲਰ ਅਤੇ ਪਟੀਸ਼ਨਰ ਕੁਲਦੀਪ ਕੁਮਾਰ ਨੂੰ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੇ ਅਹੁਦੇ ਲਈ ਚੁਣਿਆ ਗਿਆ ਐਲਾਨਿਆ ਜਾਂਦਾ ਹੈ। ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਵੱਲੋਂ ਭਾਜਪਾ ਉਮੀਦਵਾਰ ਨੂੰ ਜੇਤੂ ਐਲਾਨਣ ਦਾ ਫ਼ੈਸਲਾ ਗੈਰਕਾਨੂੰਨੀ ਹੈ।