ਪਟਿਆਲਾ ‘ਚ ਕੈਪਟਨ ਅਮਰਿੰਦਰ ਦੇ ਘਰ ਅੱਗੇ ਧਰਨਾ ਦੇ ਰਹੇ ਕਿਸਾਨ ਦੀ ਮੌਤ
ਪਟਿਆਲ਼ਾ, 19 ਫਰਵਰੀ, ਬੋਲੇ ਪੰਜਾਬ ਬਿਊਰੋ :
ਦੋ ਦਿਨਾਂ ਤੋਂ ਪਟਿਆਲਾ ‘ਚ ਕੈਪਟਨ ਅਮਰਿੰਦਰ ਦੇ ਘਰ ਅੱਗੇ ਧਰਨਾ ਦੇ ਰਹੇ ਕਿਸਾਨ ਦੀ ਮੌਤ ਹੋ ਗਈ ਹੈ। ਅੰਦੋਲਨ ਵਿੱਚ ਕਿਸਾਨਾਂ ਦੀ ਇਹ ਤੀਜੀ ਮੌਤ ਹੈ। ਇਸ ਤੋਂ ਇਲਾਵਾ ਸ਼ੰਭੂ ਬਾਰਡਰ ‘ਤੇ ਤਾਇਨਾਤ ਇਕ ਐਸਆਈ ਦੀ ਵੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਨਰਿੰਦਰਪਾਲ ਪਟਿਆਲਾ ਨੇੜੇ ਪਿੰਡ ਬਠੌਈ ਦਾ ਰਹਿਣ ਵਾਲਾ ਸੀ। ਐਤਵਾਰ ਰਾਤ ਨੂੰ ਪ੍ਰਦਰਸ਼ਨ ਦੌਰਾਨ ਉਸ ਨੇ ਆਪਣੇ ਸਾਥੀਆਂ ਨੂੰ ਦੱਸਿਆ ਕਿ ਉਸ ਦੀ ਤਬੀਅਤ ਠੀਕ ਨਹੀਂ ਹੈ। ਉਸ ਨੇ ਆਪਣੇ ਘਰ ਜਾਣ ਦੀ ਇੱਛਾ ਪ੍ਰਗਟਾਈ। ਫਿਰ ਉਸਦੇ ਸਾਥੀ ਉਸਨੂੰ ਘਰ ਲੈ ਕੇ ਜਾਣ ਲੱਗੇ।
ਸਾਥੀਆਂ ਅਨੁਸਾਰ ਜਦੋਂ ਉਹ ਘਰ ਜਾ ਰਹੇ ਸਨ ਤਾਂ ਨਰਿੰਦਰਪਾਲ ਦੀ ਤਬੀਅਤ ਵਿਗੜ ਗਈ ਅਤੇ ਉਸ ਨੂੰ ਉਲਟੀਆਂ ਆਉਣ ਲੱਗੀਆਂ। ਫਿਰ ਉਹ ਉਸ ਨੂੰ ਘਰ ਲਿਜਾਣ ਦੀ ਬਜਾਏ ਪਟਿਆਲਾ ਦੇ ਰਜਿੰਦਰਾ ਹਸਪਤਾਲ ਵੱਲ ਮੁੜ ਗਏ। ਕੁਝ ਸਮੇਂ ਬਾਅਦ ਉਹ ਹਸਪਤਾਲ ਪਹੁੰਚੇ ਅਤੇ ਡਾਕਟਰਾਂ ਨੇ ਤੁਰੰਤ ਉਸ ਦੀ ਜਾਂਚ ਕੀਤੀ। ਇਸ ਦੌਰਾਨ ਡਾਕਟਰਾਂ ਨੇ ਨਰਿੰਦਰਪਾਲ ਨੂੰ ਮ੍ਰਿਤਕ ਐਲਾਨ ਦਿੱਤਾ।