ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਅਤੇ ਖਾਪ ਪੰਚਾਇਤਾਂ ਵੀ ਆਈਆਂ ਪੰਜਾਬ ਦੇ ਕਿਸਾਨਾਂ ਦੇ ਸਮਰਥਨ ‘ਚ
ਚੰਡੀਗੜ੍ਹ, 15 ਫਰਵਰੀ, ਬੋਲੇ ਪੰਜਾਬ ਬਿਊਰੋ :
ਪੁਲਿਸ ਵੱਲੋਂ ਕਈ ਥਾਵਾਂ ‘ਤੇ ਅੱਥਰੂ ਗੈਸ ਦੇ ਗੋਲੇ ਛੱਡੇ ਜਾਣ ਤੋਂ ਨਾਰਾਜ਼ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਅਤੇ ਖਾਪ ਪੰਚਾਇਤਾਂ ਨੇ ਪੰਜਾਬ ਦੇ ਕਿਸਾਨਾਂ ਦੇ ਸਮਰਥਨ ‘ਚ ਆ ਕੇ ਅੱਜ ਵੀਰਵਾਰ ਨੂੰ ਮੀਟਿੰਗ ਬੁਲਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਨਾਲ ਹਨ, ਪਰ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਫੈਸਲਾ ਮੀਟਿੰਗ ਤੋਂ ਬਾਅਦ ਕਰਨਗੇ। ਦੂਜੇ ਪਾਸੇ ਕੇਂਦਰ ਸਰਕਾਰ ਨਾਲ ਦੋ ਅਸਫਲ ਗੱਲਬਾਤ ਤੋਂ ਬਾਅਦ ਹੁਣ ਵੀਰਵਾਰ ਨੂੰ ਸ਼ਾਮ 5 ਵਜੇ ਚੰਡੀਗੜ੍ਹ ਵਿੱਚ ਦਿੱਲੀ ਅਤੇ ਕੇਂਦਰ ਸਰਕਾਰ ਵੱਲ ਰੋਸ ਮਾਰਚ ਕਰਨ ‘ਤੇ ਅੜੇ ਹੋਏ ਕਿਸਾਨਾਂ ਦਰਮਿਆਨ ਤੀਜੇ ਦੌਰ ਦੀ ਗੱਲਬਾਤ ਹੋਵੇਗੀ।
ਤਿੰਨ ਕੇਂਦਰੀ ਮੰਤਰੀ ਪੀਯੂਸ਼ ਗੋਇਲ, ਅਰਜੁਨ ਮੁੰਡਾ ਅਤੇ ਨਿਤਿਆਨੰਦ ਰਾਏ ਮੀਟਿੰਗ ਵਿੱਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਇਹ ਬੈਠਕ ਬੁੱਧਵਾਰ ਸ਼ਾਮ ਨੂੰ ਹੀ ਪ੍ਰਸਤਾਵਿਤ ਸੀ। ਇਸ ਵਿੱਚ ਕੇਂਦਰ ਦੇ ਨੁਮਾਇੰਦਿਆਂ ਨੇ ਆਨਲਾਈਨ ਸ਼ਾਮਲ ਹੋਣਾ ਸੀ। ਪਰ ਬਾਅਦ ਵਿੱਚ ਇਹ ਵੀਰਵਾਰ ਨੂੰ ਤਹਿ ਕੀਤੀ ਗਈ ਸੀ। ਕਿਸਾਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਮੀਟਿੰਗ ਨਹੀਂ ਹੁੰਦੀ ਉਹ ਸਰਹੱਦ ‘ਤੇ ਸ਼ਾਂਤੀ ਨਾਲ ਬੈਠਣਗੇ। ਉਸ ਤੋਂ ਬਾਅਦ ਅਸੀਂ ਅਗਲੀ ਰਣਨੀਤੀ ਬਣਾਵਾਂਗੇ।