ਸ੍ਰੀ ਦਰਬਾਰ ਸਾਹਿਬ ਵਿਖੇ ਕੇਂਦਰੀ ਸਿੱਖ ਅਜਾਇਬ ਘਰ ‘ਚ ਅੱਠ ਤਸਵੀਰਾਂ ਸੁਸ਼ੋਭਿਤ

Uncategorized

ਅੰਮ੍ਰਿਤਸਰ, 07 ਫ਼ਰਵਰੀ ,ਬੋਲੇ ਪੰਜਾਬ ਬਿਓਰੋ:

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ’ਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ, ਜਥੇਦਾਰ ਮਾਨ ਸਿੰਘ ਹੰਭੋ, ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਰਤਨ ਸਿੰਘ ਜਫ਼ਰਵਾਲ, ਬੱਬਰ ਅਕਾਲੀ ਜਰਨੈਲ ਸਿੰਘ ਕਾਲਰੇ, ਬਾਬਾ ਜੰਗ ਸਿੰਘ ਸੰਪ੍ਰਦਾਇ ਮੁਖੀ ਬੁੰਗਾ ਮਸਤੂਆਣਾ, ਬਾਬਾ ਚੰਦਾ ਸਿੰਘ ਮਹੰਤ, ਸਿੱਖ ਇਤਿਹਾਸਕਾਰ ਸ. ਸਵਰਨ ਸਿੰਘ ਚੂਸਲੇਵੜ੍ਹ ਤੇ ਕਥਾਵਾਚਕ ਗਿਆਨੀ ਦਲੀਪ ਸਿੰਘ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ। ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ, ਬਾਬਾ ਨਿਹਾਲ ਸਿੰਘ ਮੁਖੀ ਤਰਨਾ ਦਲ ਹਰੀਆਂ ਵੇਲਾਂ ਤੇ ਮੈਂਬਰ ਭਾਈ ਮਨਜੀਤ ਸਿੰਘ ਨੇ ਨਿਭਾਈ।

ਇਸ ਮੌਕੇ ਸੰਬੋਧਨ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਕਿਹਾ ਕਿ ਸਿੱਖ ਇਤਿਹਾਸ ਅਤੇ ਵਿਰਾਸਤ ਦੇ ਅਹਿਮ ਸੋਮੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਕੌਮ ਲਈ ਘਾਲਣਾ ਘਾਲਣ ਵਾਲਿਆਂ ਦੀਆਂ ਤਸਵੀਰਾਂ ਸੁਸ਼ੋਭਿਤ ਕਰਕੇ ਉਨ੍ਹਾਂ ਨੂੰ ਕੌਮੀ ਸਨਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਸੁਰਿੰਦਰ ਸਿੰਘ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਰਹੇ ਹਨ, ਜਿਨ੍ਹਾਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਸਿੱਖ ਮਿਸ਼ਨਰੀ ਕਾਲਜ ਦੀ ਸਥਾਪਨਾ ਕਰਕੇ ਕੌਮ ਨੂੰ ਅਨੇਕਾਂ ਪ੍ਰਚਾਰਕ ਦਿੱਤੇ। ਉਨ੍ਹਾਂ ਜਥੇਦਾਰ ਮਾਨ ਸਿੰਘ ਹੰਭੋ ਬਾਰੇ ਗੱਲ ਕਰਦਿਆਂ ਕਿਹਾ ਕਿ ਜਥੇਦਾਰ ਸਾਹਿਬ ਨੇ ਕਈ ਮੋਰਚਿਆਂ ਵਿਚ ਸ਼ਾਮਲ ਹੋ ਕੇ ਗ੍ਰਿਫ਼ਤਾਰੀ ਦਿੱਤੀ ਅਤੇ ਲੰਮਾਂ ਸਮਾਂ ਜੇਲ੍ਹ ਕੱਟੀ। ਉਹ 20 ਸਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਰਹੇ। ਇਸੇ ਤਰ੍ਹਾਂ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਰਤਨ ਸਿੰਘ ਜਫ਼ਰਵਾਲ ਨੇ ਵੀ ਪੰਜਾਬੀ ਸੂਬਾ ਮੋਰਚਾ ਅਤੇ ਧਰਮ ਯੁੱਧ ਮੋਰਚੇ ਦੌਰਾਨ ਜੇਲ੍ਹ ਕੱਟੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਹੁੰਦਿਆਂ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਸ਼ਲਾਘਾਯੋਗ ਕਾਰਜ ਕੀਤੇ। ਉਨ੍ਹਾਂ ਬੱਬਰ ਅਕਾਲੀ ਸ. ਜਰਨੈਲ ਸਿੰਘ ਕਾਲਰੇ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅੰਗਰੇਜ਼ ਸਰਕਾਰ ਵਿਰੁੱਧ ਸੰਘਰਸ਼ ਦੌਰਾਨ ਬੱਬਰ ਅਕਾਲੀ ਲਹਿਰ ਵਿਚ ਅਹਿਮ ਯੌਗਦਾਨ ਪਾਇਆ। ਇਸੇ ਤਰ੍ਹਾਂ ਬਾਬਾ ਜੰਗ ਸਿੰਘ ਸੰਪ੍ਰਦਾਇ ਮੁਖੀ ਬੁੰਗਾ ਮਸਤੂਆਣਾ, ਬਾਬਾ ਚੰਦਾ ਸਿੰਘ ਮਹੰਤ ਤੇ ਕਥਾਵਾਚਕ ਗਿਆਨੀ ਦਲੀਪ ਸਿੰਘ ਨੇ ਵੀ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਜ਼ਿਕਰਯੋਗ ਸੇਵਾਵਾਂ ਨਿਭਾਈਆਂ। ਸਿੱਖ ਇਤਿਹਾਸਕਾਰ ਸ. ਸਵਰਨ ਸਿੰਘ ਚੂਸਲੇਵੜ੍ਹ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਤ ਕਈ ਪੁਸਤਕਾਂ ਲਿਖ ਕੇ ਪਾਏ ਵੱਡੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

Leave a Reply

Your email address will not be published. Required fields are marked *