ਲਿਬਰੇਸ਼ਨ ਆਗੂ ਕਾਮਰੇਡ ਹਰਦੇਵ ਖਿਆਲਾ ਨੂੰ ਅੰਤਮ ਵਿਦਾਇਗੀ
ਮਾਨਸਾ, 7 ਫਰਵਰੀ 2024 ਬੋਲੇ ਪੰਜਾਬ ਬਿੳਰੋ
ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਸੀਨੀਅਰ ਆਗੂ ਕਾਮਰੇਡ ਹਰਦੇਵ ਸਿੰਘ ਖਿਆਲਾ ਨੂੰ ਅੱਜ ਉਨਾਂ ਦੇ ਪਿੰਡ ਖਿਆਲਾ ਕਲਾਂ ਵਿਖੇ ਇਨਕਲਾਬੀ ਨਾਹਰਿਆਂ ਦੀ ਗੂੰਜ ਵਿਚ ਅੰਤਮ ਵਿਦਾਇਗੀ ਦਿੱਤੀ ਗਈ ।
ਅੰਤਮ ਸੰਸਕਾਰ ਤੋਂ ਪਹਿਲਾਂ ਪਾਰਟੀ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਮੁੱਖ ਆਗੂਆਂ ਨੇ ਉਨਾਂ ਦੀ ਦੇਹ ਉਤੇ ਲਾਲ ਝੰਡਾ ਪਾ ਕੇ ਉਨਾਂ ਨੂੰ ਇਨਕਲਾਬੀ ਸਨਮਾਨ ਦਿੱਤਾ ਗਿਆ।
ਇਸ ਮੌਕੇ ਉਨਾਂ ਦੇ ਦਹਾਕਿਆਂ ਤੋਂ ਪੱਕੇ ਸਾਥੀ ਕਾਮਰੇਡ ਹਾਕਮ ਸਿੰਘ ਖਿਆਲਾ, ਰਾਜਵਿੰਦਰ ਸਿੰਘ ਰਾਣਾ, ਨਛੱਤਰ ਸਿੰਘ ਖੀਵਾ, ਸੁਖਦਰਸ਼ਨ ਸਿੰਘ ਨੱਤ, ਜਸਬੀਰ ਕੌਰ ਨੱਤ, ਗੁਰਜੰਟ ਸਿੰਘ ਮਾਨਸਾ, ਗੁਰਮੀਤ ਸਿੰਘ ਨੰਦਗੜ੍ਹ, ਵਿੰਦਰ ਅਲਖ, ਸੁਰਿੰਦਰ ਪਾਲ ਸ਼ਰਮਾ, ਗੁਰਸੇਵਕ ਮਾਨ, ਬਲਵਿੰਦਰ ਘਰਾਂਗਣਾ, ਦਰਸ਼ਨ ਦਾਨੇਵਾਲਾ, ਗਗਨ ਖੜਕ ਸਿੰਘ ਵਾਲਾ, ਸੀਪੀਆਈ ਦੇ ਜ਼ਿਲਾ ਆਗੂ ਕ੍ਰਿਸ਼ਨ ਚੌਹਾਨ, ਜਰਨੈਲ ਸਿੰਘ , ਸਮੁੱਚਾ ਪਰਿਵਾਰ, ਰਿਸ਼ਤੇਦਾਰ ਅਤੇ ਭਾਰੀ ਗਿਣਤੀ ਵਿਚ ਪਿੰਡ ਵਾਸੀ ਮਜ਼ਦੂਰ ਕਿਸਾਨ ਹਾਜ਼ਰ ਸਨ। ਬੇਸ਼ਕ ਪਰਿਵਾਰ ਤੇ ਪਾਰਟੀ ਵਲੋਂ ਉਨਾਂ ਦੇ ਕੈਂਸਰ ਰੋਗ ਦੇ ਇਲਾਜ ਲਈ ਹਰ ਸੰਭਵ ਯਤਨ ਕੀਤੇ, ਪਰ ਇਸ ਦੇ ਬਾਵਜੂਦ ਕੱਲ ਬਾਦ ਦੁਪਹਿਰ ਉਹ ਏਮਜ਼ ਹਸਪਤਾਲ ਬਠਿੰਡਾ ਵਿਚ ਇਲਾਜ ਦੌਰਾਨ ਸਦੀਵੀ ਵਿਛੋੜਾ ਦੇ ਗਏ ਸਨ।
ਪਾਰਟੀ ਦੇ ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਕਾਮਰੇਡ ਨਛੱਤਰ ਖੀਵਾ ਨੇ ਕਿਹਾ ਕਿ ਕਾਮਰੇਡ ਹਰਦੇਵ ਸਿੰਘ ਖਿਆਲਾ ਮਜ਼ਦੂਰ ਜਮਾਤ ਵਿਚੋਂ ਉਭਰੇ ਇਕ ਅਜਿਹੇ ਅਡੋਲ ਤੇ ਆਦਰਸ਼ ਇਨਕਲਾਬੀ ਸਨ, ਜੋ ਉਮਰ ਭਰ ਲਾਲ ਝੰਡੇ ਦੇ ਵਫ਼ਾਦਾਰ ਸਿਪਾਹੀ ਰਹੇ। ਇਸ ਲਈ ਪਾਰਟੀ ਅਤੇ ਕਮਿਉਨਿਸਟ ਲਹਿਰ ਵਲੋਂ ਉਨਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।