ਐੱਸ ਏ ਐੱਸ ਨਗਰ ਮੁਹਾਲੀ ,ਬੋਲੇ ਪੰਜਾਬ ਬਿਓਰੋ: ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਪੰਜਾਬ ਵਲੋਂ ਆਪਣੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਦੀ ਪੁਰਤੀ ਕਰਵਾਉਣ ਲਈ ਡਾਇਰੈਕਟਰ ਪੰਚਾਇਤ ਵਿਭਾਗ ਪੰਜਾਬ ਦੇ ਮੁੱਖ ਦਫਤਰ ਸਾਹਮਣੇ ਧਰਨਾ ਲਗਾ ਕੇ ਵਿਭਾਗ ਦੇ ਸਬੰਧਤ ਅਫਸਰਸ਼ਾਹੀ ਵਿਰੁੱਧ ਜ਼ੋਰਦਾਰ ਨਾਹਰੇਬਾਜੀ ਕਰਦਿਆਂ ਪ੍ਰਦਰਸ਼ਨ ਕੀਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਪੈਨਸ਼ਨਰਾਂ ਦੇ ਬੁਲਾਰਿਆਂ ਨੇ ਦੁੱਖ ਜਾਹਿਰ ਕੀਤਾ ਕਿ ਪੰਚਾਇਤ ਸਮਿਤੀਆਂ/ ਜਿਲ੍ਹਾ ਪ੍ਰੀਸ਼ਦਾਂ ਦੇ ਪੈਨਸ਼ਨਰਾਂ ਨਾਲ ਵਿਭਾਗ ਦੀ ਸਬੰਧਤ ਅਫਸਰਸ਼ਾਹੀ ਵੱਖਰਾ ਹੀ ਰਾਗ ਅਲਾਪ ਰਹੀ ਹੈ ਜਿਵੇਂ ਕਿ 6ਵੇਂ ਪੇ ਕਮਿਸ਼ਨ ਦੀ ਰਿਪੋਰਟ ਦੂਜੇ ਪੈਨਸ਼ਨਰਾਂ ਤੇ ਜੁਲਾਈ 21 ਤੋਂ ਲਾਗੂ ਕੀਤੀ ਜਾ ਚੁੱਕੀ ਹੈ, ਪੂਰੀ ਸਰਵਿਸ ਦੀ ਪੈਨਸ਼ਨ ਮਿਲ ਰਹੀ ਹੈ, ਬੁਢਾਪਾ ਭੱਤੇ ਦਾ ਲਾਭ ਜੀਵਤ ਰਹਿਣ ਤੱਕ ਮਿਲ ਰਿਹਾ ਹੈ, ਐਲ ਟੀ ਸੀ ਦੀ ਸਹੂਲਤ ਹੈ, ਪੈਨਸ਼ਨ ਸੇਵਾ ਮੁਕਤ ਹੋਣ ਤੋਂ ਅਗਲੇ ਮਹੀਨੇ ਮਿਲਣੀ ਸ਼ੁਰੂ ਹੋ ਜਾਂਦੀ ਹੈ, ਪਰਿਵਾਰਿਕ ਪੈਨਸ਼ਨ ਲਈ ਲੰਮੀ ਉਡੀਕ ਨਹੀਂ ਕਰਨੀ ਪੈਂਦੀ ਆਦਿ ਪਰੰਤੂੰ ਸਾਡੇ ਪੈਨਸ਼ਨਰਾਂ ਨੂੰ ਇਹ ਮੱਦਾਂ ਲਾਗੂ ਕਰਵਾਉਣ ਲਈ ਬੁਢਾਪੇ ਦੀ ਅਵਸਥਾ ਵਿੱਚ ਧਰਨੇ/ਮੁਜਾਹਰੇ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।
ਬੁਲਾਰਿਆਂ ਵਲੋਂ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਗਈ ਕਿ ਪੰਚਾਇਤ ਸੀਮਤੀਆਂ / ਜਿਲ੍ਹਾ ਪ੍ਰੀਸ਼ਦਾਂ ਦੇ ਪੈਨਸ਼ਨਰਾਂ ਨਾਲ ਵਿਭਾਗੀ ਅਧਿਕਾਰੀਆਂ ਵਲੋਂ ਕੀਤੇ ਜਾ ਰਹੇ ਭੇਦ ਭਾਵ ਵਾਲੇ ਵਤੀਰੇ ਨੂੰ ਨੱਥ ਪਾਈ ਜਾਵੇ, ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਕੇ ਮਾਰਚ ਤੱਕ ਮੁਕੰਮਲ ਨਿਪਟਾਰਾ ਕੀਤਾ ਜਾਵੇ। ਬੁਢਾਪਾ ਭੱਤਾ ਪੈਨਸ਼ਨਾਂ ਨਾਲ ਲਾਇਆ ਜਾਵੇ ਤੇ ਬਕਾਇਆ ਦਿੱਤਾ ਜਾਵੇ। ਪੇ ਗ੍ਰੇਡਾਂ ਦੇ ਰਹਿੰਦੇ ਕੇਸਾਂ ਦਾ ਨਿਪਟਾਰਾ ਕੀਤਾ ਜਾਵੇ। ਪਰਿਵਾਰਕ ਪੈਨਸ਼ਨਾਂ ਲਾਉਣ ਵਿੱਚ ਦੇਰੀ ਕਰਨੀ ਬੰਦ ਕੀਤੀ ਜਾਵੇ। ਪੂਰੀ ਸਰਵਿਸ ਦੀ ਪੈਨਸ਼ਨ ਦੇਣ ਵਿੱਚ ਲਾਏ ਅੜਿੱਕਿਆਂ ਨੂੰ ਹਟਾਇਆ ਜਾਵੇ। ਪੈਨਸ਼ਨ ਸਮੇ ਸਿਰ ਦਿੱਤੀ ਜਾਵੇ ਆਦਿ। ਡਾਇਰੈਕਟਰ ਦੇ ਨਾ ਮੰਗ ਪੱਤਰ ਸੰਯੁਕਤ ਡਾਇਰੈਕਟਰ ਸ੍ਰੀ ਜੋਗਿੰਦਰ ਕੁਮਾਰ ਜੀ ਨੂੰ ਉਨ੍ਹਾਂ ਦੇ ਦਫਤਰ ਜਾ ਕੇ ਸ੍ਰੀਮਤੀ ਪ੍ਰਨੀਤ ਕੌਰ ਸਹਾਇਕ ਡਾਇਰੈਕਟਰ ਦੀ ਹਾਜਰੀ ਵਿੱਚ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਜਗੀਰ ਸਿੰਘ ਢਿੱਲੋਂ, ਬਲਦੇਵ ਸਿੰਘ, ਜੋਗਿੰਦਰ ਸਿੰਘ ਬਲਾਚੌਰ, ਗੁਰਮੀਤ ਸਿੰਘ ਭਾਂਖਰਪੁਰ, ਬਲਵਿੰਦਰ ਸਿੰਘ, ਸੁਰਿੰਦਰ ਕੁਮਾਰ, ਕੁਲਵੰਤ ਕੌਰ ਬਾਠ, ਦਰਸ਼ਨ ਕੌਰ, ਪ੍ਰਕਾਸ਼ ਚੰਦ, ਸੱਤਪਾਲ, ਰਾਮ ਚਰਨ, ਰਾਜਿੰਦਰ ਸਿੰਘ ਮੁਕੇਰੀਆਂ, ਸਰਬਜੀਤ ਸਿੰਘ ਫਰੀਦਕੋਟ, ਹਰਜੀਤ ਸਿੰਘ, ਦਰਸ਼ਨ ਸਿੰਘ ਵੱਲੋਂ ਸੰਬੋਧਨ ਕਰਦਿਆਂ ਵਿਭਾਗੀ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਸੰਘਰਸ਼ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ਮਜਬੂਰ ਹੋਣਗੇ।