ਨਵੀਂ ਦਿੱਲੀ, 4 ਫਰਵਰੀ, ਬੋਲੇ ਪੰਜਾਬ ਬਿਊਰੋ :
ਵਿਧਾਇਕਾਂ ਦੀ ਖ਼ਰੀਦੋ ਫਿਰੋਖਤ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨੋਟਿਸ ਦੇਣ ਤੋਂ ਇਕ ਦਿਨ ਬਾਅਦ ਅੱਜ ਐਤਵਾਰ ਨੂੰ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਮੰਤਰੀ ਆਤਿਸ਼ੀ ਦੇ ਘਰ ਪਹੁੰਚੀ। ਆਤਿਸ਼ੀ ਸਵੇਰੇ ਹੀ ਰਾਘਵ ਚੱਢਾ ਨਾਲ ਕੇਜਰੀਵਾਲ ਦੇ ਘਰ ਪਹੁੰਚ ਗਈ ਸੀ। ਕ੍ਰਾਈਮ ਬ੍ਰਾਂਚ ਦੀ ਟੀਮ ਇਕ ਘੰਟੇ ਦੇ ਇੰਤਜ਼ਾਰ ਤੋਂ ਬਾਅਦ ਉਸ ਦੇ ਘਰੋਂ ਨਿਕਲ ਗਈ ਅਤੇ ਰਿਹਾਇਸ਼ ਤੋਂ ਕੁਝ ਦੂਰੀ ‘ਤੇ ਖੜ੍ਹੀ ਹੈ। ਇਸ ਤੋਂ ਪਹਿਲਾਂ ਆਤਿਸ਼ੀ ਨੇ ਆਪਣੇ ਦਫ਼ਤਰ ਦੇ ਅਧਿਕਾਰੀਆਂ ਨੂੰ ਨੋਟਿਸ ਲੈਣ ਲਈ ਕਿਹਾ ਸੀ। ਉਨ੍ਹਾਂ ਨੇ ਨੋਟਿਸ ਦਿੱਤਾ ਜਾਂ ਨਹੀਂ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦਰਅਸਲ ਅਰਵਿੰਦ ਕੇਜਰੀਵਾਲ ਅਤੇ ਆਤਿਸ਼ੀ ਨੇ ਭਾਜਪਾ ‘ਤੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕਰਨ ਦਾ ਦੋਸ਼ ਲਗਾਇਆ ਸੀ। ਆਤਿਸ਼ੀ ਨੇ ਕਿਹਾ ਸੀ ਕਿ ਭਾਜਪਾ ਦਿੱਲੀ ‘ਚ ‘ਆਪ’ ਸਰਕਾਰ ਨੂੰ ਡੇਗਣਾ ਚਾਹੁੰਦੀ ਹੈ। ਇਸ ਮਾਮਲੇ ‘ਚ ਕ੍ਰਾਈਮ ਬ੍ਰਾਂਚ ਦੋਵਾਂ ਨੇਤਾਵਾਂ ਤੋਂ ਪੁੱਛਗਿੱਛ ਕਰਕੇ ਸਬੂਤ ਇਕੱਠੇ ਕਰਨਾ ਚਾਹੁੰਦੀ ਹੈ।