ਵਾਸਿੰਗਟਨ, 4 ਫਰਵਰੀ, ਬੋਲੇ ਪੰਜਾਬ ਬਿਊਰੋ :
ਅਮਰੀਕਾ ਨੇ ਹੂਤੀ ਬਾਗੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਸੰਯੁਕਤ ਰਾਜ ਅਤੇ ਯੂਨਾਈਟਿਡ ਕਿੰਗਡਮ ਨੇ ਸ਼ਨੀਵਾਰ ਨੂੰ ਹੂਤੀ ਠਿਕਾਣਿਆਂ ‘ਤੇ ਹਵਾਈ ਅਤੇ ਜ਼ਮੀਨੀ ਹਮਲੇ ਸ਼ੁਰੂ ਕੀਤੇ। ਦੋਵਾਂ ਦੇਸ਼ਾਂ ਨੇ 10 ਵੱਖ-ਵੱਖ ਹੂਤੀ ਠਿਕਾਣਿਆਂ ‘ਤੇ 30 ਤੋਂ ਵੱਧ ਥਾਂਵਾਂ ‘ਤੇ ਹਮਲੇ ਕੀਤੇ। ਹਮਲੇ ਤੋਂ ਬਾਅਦ, ਅਮਰੀਕਾ ਅਤੇ ਬ੍ਰਿਟੇਨ ਨੇ ਆਸਟ੍ਰੇਲੀਆ, ਬਹਿਰੀਨ, ਕੈਨੇਡਾ, ਡੈਨਮਾਰਕ, ਨੀਦਰਲੈਂਡ ਅਤੇ ਨਿਊਜ਼ੀਲੈਂਡ ਦੇ ਨਾਲ ਇੱਕ ਸਾਂਝਾ ਬਿਆਨ ਜਾਰੀ ਕੀਤਾ। ਬਿਆਨ ‘ਚ ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਲਾਲ ਸਾਗਰ ‘ਚ ਸ਼ਾਂਤੀ ਸਥਾਪਿਤ ਕਰਨਾ ਹੈ। ਅਸੀਂ ਲਾਲ ਸਾਗਰ ‘ਚ ਤਣਾਅ ਘੱਟ ਕਰਨਾ ਚਾਹੁੰਦੇ ਹਾਂ। ਅਸੀਂ ਦੁਨੀਆ ਦੇ ਮਹੱਤਵਪੂਰਨ ਜਲ ਮਾਰਗਾਂ ਵਿੱਚੋਂ ਇੱਕ ਦੀ ਰੱਖਿਆ ਕਰਨ ਵਿੱਚ ਸੰਕੋਚ ਨਹੀਂ ਕਰਾਂਗੇ। ਯੂਐਸ ਸੈਂਟਰਲ ਕਮਾਂਡ ਨੇ ਕਿਹਾ ਕਿ ਅਮਰੀਕੀ ਫੌਜ ਨੇ ਬਾਗੀਆਂ ਦੁਆਰਾ ਤਾਇਨਾਤ ਛੇ ਐਂਟੀ-ਸ਼ਿਪ ਕਰੂਜ਼ ਮਿਜ਼ਾਈਲਾਂ ਦੇ ਵਿਰੁੱਧ ਲਾਲ ਸਾਗਰ ਵਿੱਚ ਸ਼ਨੀਵਾਰ 19.20 ‘ਤੇ ਸਵੈ-ਰੱਖਿਆ ਹਮਲਾ ਕੀਤਾ। ਕਮਾਂਡ ਮੁਤਾਬਕ ਲਾਲ ਸਾਗਰ ‘ਚ ਅਮਰੀਕੀ ਜਲ ਸੈਨਾ ਦੇ ਜਹਾਜ਼ਾਂ ਅਤੇ ਵਪਾਰਕ ਜਹਾਜ਼ਾਂ ਲਈ ਖਤਰਾ ਪੈਦਾ ਹੋ ਰਿਹਾ ਸੀ।