ਸੰਗਰੂਰ, 7 ਸਤੰਬਰ, 2023, ਬੋਲੇ ਪੰਜਾਬ ਬਿਓਰੋ :
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਸੂਬਾ ਮੀਤ ਪ੍ਰਧਾਨ ਰਘਵੀਰ ਭਵਾਨੀਗੜ੍ਹ ਅਤੇ ਸੂਬਾਈ ਜਥੇਬੰਦਕ ਸਕੱਤਰ ਮਹਿੰਦਰ ਕੌੜਿਆਂਵਾਲੀ ਨੇ ਬਿਆਨ ਜ਼ਾਰੀ ਕਰਦਿਆਂ ਦੱਸਿਆ ਕਿ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਖਾਲੀ ਹਜ਼ਾਰਾਂ ਅਸਾਮੀਆਂ ਵਿੱਚੋਂ ਪਿਛਲੀ ਸਰਕਾਰ ਦੌਰਾਨ 6635 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਹੋਣ ਤੋਂ ਬਾਅਦ ਬੀਤੇ ਵਰ੍ਹੇ ਸ਼ੁਰੂ ਕੀਤੀ ਨਿਯੁਕਤੀ ਪ੍ਰਕਿਰਿਆ ਹਾਲੇ ਤੱਕ ਮੁਕੰਮਲ ਨਹੀਂ ਹੋਈ ਹੈ, ਜਿਸ ਕਾਰਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਵੇਂ ਅਧਿਆਪਕ ਮਿਲਣ ਅਤੇ ਉੱਚ ਯੋਗਤਾ ਪ੍ਰਾਪਤ ਬੇਰੁਜਗਾਰਾਂ ਨੂੰ ਰੁਜ਼ਗਾਰ ਮਿਲਣ ਦੀ ਉਡੀਕ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਦੂਜੇ ਪਾਸੇ ਭਰਤੀ ਮੁਕੰਮਲ ਕਰਨ ਦੀ ਥਾਂ ਹੱਕ ਮੰਗ ਰਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਲਾਰੇ ‘ਤੇ ਲਾਰੇ ਲਗਾਏ ਜਾ ਰਹੇ ਹਨ, ਜਿਸ ਦੀ ਜਥੇਬੰਦੀ ਸਖ਼ਤ ਨਿਖੇਧੀ ਕਰਦੀ ਹੈ।
ਇਸ ਸੰਬੰਧੀ 6635 ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ਼, ਸ਼ਲਿੰਦਰ ਕੰਬੋਜ਼, ਨਿਰਮਲ ਜ਼ੀਰਾ,ਦੀਪ ਬਨਾਰਸੀ ਅਤੇ ਕੁਲਦੀਪ ਖੋਖਰ ਨੇ ਕਿਹਾ ਕਿ 6635 ਦੀ ਭਰਤੀ ਦੀ ਲਿਸਟ ਉਡੀਕ ਕਰਦੇ ਹੋਏ ਹੋਏ ਇੱਕ ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ, ਪਰ ਸਿੱਖਿਆ ਵਿਭਾਗ 500 ਦੇ ਕਰੀਬ ਰਹਿੰਦੇ ਅਧਿਆਪਕਾਂ ਦੀ ਲਿਸਟ ਜਾਰੀ ਕਰਨ ਦੀ ਥਾਂ ਸਮਾਂ ਲੰਘਾਂ ਰਿਹਾ ਹੈ, ਜਿਸ ਕਾਰਨ ਬੇਰੁਜ਼ਗਾਰ ਅਧਿਆਪਕ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ । ਰਹਿੰਦੇ ਅਧਿਆਪਕਾਂ ਦੀ ਲਿਸਟ ਜਾਰੀ ਕਰਾਉਣ ਲਈ ਸਿੱਖਿਆ ਮੰਤਰੀ ਦੇ ਨਾਲ ਵੀ ਬਹੁਤ ਵਾਰ ਮੀਟਿੰਗ ਹੋਈ ਹੈ ਉਹਨਾਂ ਦੇ ਵੀ ਭਰੋਸੇ ਹਾਲੇ ਤੱਕ ਪੂਰ ਨਹੀਂ ਚੜ੍ਹ ਸਕੇ ਹਨ। ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦੀ ਲਿਸਟ ਨਾ ਜਾਰੀ ਕੀਤੀ ਗਈ ਤਾਂ ਆਉਣ ਵਲੋਂ ਸਮੇਂ ਜਲਦੀ ਪੰਜਾਬ ਸਰਕਾਰ ਖ਼ਿਲਾਫ਼ ਸ਼ੰਘਰਸ਼ ਕੀਤਾ ਜਾਵੇਗਾ।