ਸ਼੍ਰੋਮਣੀ ਕਮੇਟੀ ਜਲਦ ਅਮਰੀਕਾ ਅੰਦਰ ਪ੍ਰੈੱਸ ਲਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪੇਗੀ

Uncategorized

ਅੰਮ੍ਰਿਤਸਰ, 6 ਸਤੰਬਰ, ਬੋਲੇ ਪੰਜਾਬ ਬਿਉਰੋ

ਸ਼੍ਰੋਮਣੀਕਮੇਟੀ ਜਲਦ ਅਮਰੀਕਾ ਅੰਦਰ ਪ੍ਰੈੱਸ ਲਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਅੰਦਰ ਆਪਣੀ ਪ੍ਰੈੱਸ ਸਥਾਪਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪਣ ਦਾ ਫੈਸਲਾ ਕੀਤਾ ਹੈ। ਇਹ ਪ੍ਰੈੱਸ ਕੈਲੇਫੋਰਨੀਆ ਦੇ ਟ੍ਰੇਸੀ ਸ਼ਹਿਰ ’ਚ ਲਗਾਈ ਜਾਵੇਗੀ ਜਿੱਥੇ ਸ਼੍ਰੋਮਣੀ ਕਮੇਟੀ ਦਾ ਧਰਮ ਪ੍ਰਚਾਰ ਕੇਂਦਰ ਵੀ ਕਾਰਜਸ਼ੀਲ ਹੋਵੇਗਾ। ਇਸ ਦੇ ਨਾਲ ਹੀ ਅਮਰੀਕਾ ਦੇ ਯੂਬਾਸਿਟੀ ਵਿਚ ਵੀ ਧਰਮ ਪ੍ਰਚਾਰ ਕੇਂਦਰ ਬਣਾਇਆ ਜਾਵੇਗਾ।

ਇਹ ਫੈਸਲਾ, ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਅੰਤ੍ਰਿੰਗ ਕਮੇਟੀ ਦੀ ਬੈਠਕ ਵਿਚ ਲਿਆ ਗਿਆ ਹੈ।

ਇਕੱਤਰਤਾ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਮਰਹੂਮ ਸ. ਦੀਦਾਰ ਸਿੰਘ ਬੈਂਸ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਯੂਬਾਸਿਟੀ ਵਿਖੇ 14.5 ਏਕੜ ਜਮੀਨ ਦਿੱਤੀ ਗਈ ਸੀ, ਜਿੱਥੇ ਧਰਮ ਪ੍ਰਚਾਰ ਕੇਂਦਰ ਬਣਾ ਕੇ ਗਤੀਵਿਧੀਆਂ ਅਰੰਭੀਆਂ ਜਾਣਗੀਆਂ। ਇਸ ਦੇ ਨਾਲ ਹੀ ਪਰਵਾਸੀ ਸਿੱਖ ਸ. ਗਿਆਨ ਸਿੰਘ ਸੰਧੂ ਕੈਨੇਡਾ ਅਤੇ ਉੱਘੇੇ ਕਾਰੋਬਾਰੀ ਸ. ਕਰਨੈਲ ਸਿੰਘ ਸੰਧੂ ਅਮਰੀਕਾ ਵੱਲੋਂ ਕੀਤੀ ਗਈ ਪੇਸ਼ਕਸ਼ ਅਨੁਸਾਰ ਕੈਲੇਫੋਰਨੀਆ ਦੇ ਟ੍ਰੇਸੀ ਵਿਖੇ ਵੀ ਸ਼੍ਰੋਮਣੀ ਕਮੇਟੀ ਦਾ ਇੱਕ ਕੇਂਦਰ ਸਥਾਪਤ ਕੀਤਾ ਜਾਵੇਗਾ। ਇਸ ਕੇਂਦਰ ਵਿਖੇ ਅਮਰੀਕਾ, ਕੈਨੇਡਾ ਦੀ ਸੰਗਤ ਵੱਲੋਂ ਪੁੱਜਦੀ ਮੰਗ ਅਨੁਸਾਰ ਪਵਿੱਤਰ ਸਰੂਪ ਮੁਹੱਈਆ ਕਰਵਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਲਈ ਪ੍ਰੈੱਸ ਵੀ ਲਗਾਈ ਜਾਵੇਗੀ।  ਇਨ੍ਹਾਂ ਦੋਹਾਂ ਕੇਂਦਰਾਂ ਵਿਚ ਗੁਰਦੁਆਰਾ ਸਾਹਿਬਾਨ ਵੀ ਸਥਾਪਤ ਕੀਤੇ ਜਾਣਗੇ ਅਤੇ ਸੰਗਤ ਨੂੰ ਧਾਰਮਿਕ ਸਾਹਿਤ ਵੀ ਮਿਲੇਗਾ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਆਸਟ੍ਰੇਲੀਆ ਵਿਖੇ ਸੰਗਤ ਦੀ ਮੰਗ ਅਨੁਸਾਰ ਵਿਸ਼ੇਸ਼ ਬੱਸ ਵਿਚ ਮਰਯਾਦਾ ਅਨੁਸਾਰ ਸੁਸ਼ੋਭਿਤ ਕਰਕੇ 220 ਸਰੂਪ ਸੁਮੰਦਰੀ ਜਹਾਜ ਰਾਹੀਂ ਭੇਜੇ ਜਾਣਗੇ। 

ਅੰਤ੍ਰਿੰਗ ਕਮੇਟੀ ਦੇ ਹੋਰ ਫੈਸਲਿਆਂ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਨਾਲ ਸਬੰਧਤ ਸ੍ਰੀ ਗੁਰੂ ਰਾਮਦਾਸ ਲਾਇਬ੍ਰੇਰੀ ਨੂੰ ਡਿਜੀਟਾਈਜ਼ ਕੀਤਾ ਜਾਵੇਗਾ ਅਤੇ ਇਸ ਲਾਇਬ੍ਰੇਰੀ ਦੀ ਇੱਕ ਵੱਖਰੀ ਵੈੱਬਸਾਈਟ ਤਿਆਰ ਕਰਕੇ ਉਸ ’ਤੇ ਅਹਿਮ ਪੁਸਤਕਾਂ ਦੇ ਸਿਰਲੇਖ ਅਤੇ ਤਤਕਰੇ ਨੂੰ ਪਾਇਆ ਜਾਵੇਗਾ। ਇਸ ਦਾ ਮੰਤਵ ਖੋਜਾਰਥੀਆਂ ਨੂੰ ਇਸ ਲਾਇਬ੍ਰੇਰੀ ਵਿਚ ਪਏ ਸਾਹਿਤਕ ਖਜਾਨੇ ਤੋਂ ਜਾਣੂ ਕਰਵਾਉਣਾ ਹੈ, ਤਾਂ ਜੋ ਉਹ ਆਪਣੀ ਲੋੜ ਅਨੁਸਾਰ ਇੱਥੇ ਮੌਜੂਦ ਕਿਤਾਬਾਂ ਨੂੰ ਆਪਣੇ ਖੋਜ ਕਾਰਜਾਂ ਲਈ ਵਰਤ ਸਕਣ। ਜਾਨਣਯੋਗ ਹੈ ਕਿ ਇਹ ਲਾਇਬ੍ਰੇਰੀ ਸੰਨ 1927 ’ਚ ਸਥਾਪਤ ਕੀਤੀ ਗਈ ਸੀ ਅਤੇ ਮੌਜੂਦਾ ਸਮੇਂ ਇਸ ਵਿਚ ਵੱਡੀ ਗਿਣਤੀ ਅਹਿਮ ਪੁਸਤਕਾਂ ਦੀ ਵੀ ਹੈ।

Leave a Reply

Your email address will not be published. Required fields are marked *