ਮਾਨ ਸਰਕਾਰ ਇਮਾਨਦਾਰ ਕਰਦਾਤਾਵਾਂ ਦੀ ਮਦਦ ਅਤੇ ਕਰ ਚੋਰਾਂ ਵਿਰੁੱਧ ਸਖ਼ਤ ਕਾਰਵਾਈ ਲਈ ਵਚਨਬੱਧ
’ਮੇਰਾ ਬਿਲ’ ਐਪ ਰਾਹੀਂ ਆਮ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਨਣ ਲਈ ਦਿੱਤਾ ਸੱਦਾ
22000 ਤੋਂ ਵੱਧ ਵਿਅਕਤੀਆਂ ਵੱਲੋਂ ਡਾਊਨਲੋਡ ਕੀਤੀ ਗਈ ‘ਮੇਰਾ ਬਿਲ’ ਐਪ
ਚੰਡੀਗੜ੍ਹ, 03 ਸਤੰਬਰ,ਬੋਲੇ ਪੰਜਾਬ ਬਿਓਰੋ;
ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਕਿਹਾ ਕਿ ਕਰ ਵਿਭਾਗ ਦੀਆਂ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟਾਂ (ਸਿਪੂ) ਦੇ ਮੋਬਾਈਲ ਵਿੰਗਾਂ ਵੱਲੋਂ ਅਗਸਤ ਮਹੀਨੇ ਦੌਰਾਨ ਰਾਜ ਭਰ ਵਿੱਚ ਕਰ ਚੋਰਾਂ ਵਿਰੁੱਧ ਚਲਾਈ ਗਈ ਮੁਹਿੰਮ ਸਦਕਾ 873 ਵਾਹਨਾਂ ਨੂੰ ਈ-ਵੇਅ ਬਿੱਲ ਅਤੇ ਹੋਰ ਲੋੜੀਂਦੇ ਦਸਤਾਵੇਜ਼ ਨਾ ਹੋਣ ਕਾਰਨ 15.37 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿਪੂ ਵੱਲੋਂ ਅਗਸਤ ਮਹੀਨੇ ਦੌਰਾਨ ਕੁੱਲ 1052 ਵਾਹਨਾਂ ਅਤੇ ਜੁਲਾਈ ਮਹੀਨੇ ਦੇ ਬਕਾਇਆ 70 ਮਾਮਲਿਆਂ ਵਿੱਚ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਵਿੱਚੋਂ 873 ਮਾਮਲਿਆਂ ਵਿੱਚ ਕੁੱਲ ਕਰ ਚੋਰੀ ਬਾਰੇ ਫੈਸਲਾ ਲੈਂਦਿਆਂ 15,37,30,704 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਅਤੇ ਬਕਾਇਆ 249 ਮਾਮਲਿਆਂ ਵਿੱਚ 4.38 ਕਰੋੜ ਰੁਪਏ ਦਾ ਜੁਰਮਾਨਾ ਵਸੂਲੇ ਜਾਣ ਦੀ ਸੰਭਾਵਨਾ ਹੈ। ਸ. ਚੀਮਾ ਨੇ ਦੱਸਿਆ ਕਿ ਲਾਏ ਗਏ ਕੁੱਲ ਜੁਰਮਾਨੇ ਵਿੱਚੋਂ 14,90,94,501 ਰੁਪਏ ਦਾ ਜੁਰਮਾਨਾ ਵਸੂਲਿਆ ਜਾ ਚੁੱਕਾ ਹੈ ਅਤੇ ਬਕਾਇਆ ਜੁਰਮਾਨਾ ਵੀ ਜਲਦ ਹੀ ਵਸੂਲਿਆ ਜਾਵੇਗਾ।
ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਸਿਪੂ ਟੀਮਾਂ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ ਸਿਪੂ ਸ਼ੰਭੂ ਵੱਲੋਂ ਸੱਭ ਤੋਂ ਵੱਧ 184 ਵਾਹਨਾਂ ਵਿਰੁੱਧ ਜਦ ਕਿ ਸਿਪੂ ਲੁਧਿਆਣਾ ਵੱਲੋਂ 172, ਸਿਪੂ ਪਟਿਆਲਾ ਵੱਲੋਂ 158 ਅਤੇ ਸਿਪੂ ਰੋਪੜ ਵੱਲੋਂ 134 ਵਾਹਨਾਂ ਵਿਰੁੱਧ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਕਰ ਚੋਰਾਂ ਵਿਰੁੱਧ ਜਾਰੀ ਇਸ ਮੁਹਿੰਮ ਤਹਿਤ ਸਿਪੂ ਸ਼ੰਭੂ ਨੇ ਸੱਭ ਤੋਂ ਵੱਧ 3.21 ਕਰੋੜ ਦੇ ਜੁਰਮਾਨਾ ਲਗਾਏ ਅਤੇ 3.18 ਕਰੋੜ ਰੁਪਏ ਦੇ ਜੁਰਮਾਨੇ ਵਸੂਲਣ ਵਿੱਚ ਸਭਲਤਾ ਹਾਸਿਲ ਕੀਤੀ। ਇਸੇ ਤਰ੍ਹਾਂ ਸਿਪੂ ਪਟਿਆਲਾ ਵੱਲੋਂ 2.80 ਕਰੋੜ ਰੁਪਏ ਦੇ ਲਾਏ ਗਏ ਜੁਰਮਾਨਿਆਂ ਵਿੱਚੋਂ 2.67 ਕਰੋੜ ਰੁਪਏ ਦੀ ਵਸੂਲੀ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ।
ਸਿਪੂ ਦੀਆਂ ਟੀਮਾਂ ਵੱਲੋਂ ਚਲਾਈ ਗਈ ਇਸ ਮੁਹਿੰਮ ਦੀ ਕਾਮਯਾਬੀ ਲਈ ਉਨ੍ਹਾਂ ਨੂੰ ਵਧਾਈ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਉਨ੍ਹਾਂ ਨੂੰ ਆਪਣੇ ਪ੍ਰਦਰਸ਼ਨ ਵਿੱਚ ਹੋਰ ਸੁਧਾਰ ਲਿਆਉਣ ਲਈ ਪ੍ਰੇਰਿਆ ਅਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਭਾਗ ਨੂੰ ਹਰ ਤਰ੍ਹਾਂ ਦੀ ਆਧੁਨਿਕ ਤਕਨੀਕ ਅਤੇ ਸਾਧਨ ਮੁਹੱਈਆ ਕਰਵਾਏ ਜਾ ਰਹੇ ਹਨ ਤਾਂ ਜੋ ਇਮਾਨਦਾਰੀ ਕਰਦਾਤਾਵਾਂ ਦੀ ਹਰ ਸੰਭਵ ਸਹਾਇਤਾ ਕਰਨ ਦੇ ਨਾਲ-ਨਾਲ ਕਰ ਚੋਰਾਂ ਵਿਰੁੱਧ ਸ਼ਿਕੰਜਾ ਕੱਸਿਆ ਜਾ ਸਕੇ।
ਇਹ ਖੁਲਾਸਾ ਕਰਦਿਆਂ ਕਿ ਹੁਣ ਤੱਕ 22000 ਵਿਅਕਤੀਆਂ ਵੱਲੋਂ ‘ਮੇਰਾ ਬਿਲ’ ਐਪ ਡਾਊਨਲੋਡ ਕੀਤੀ ਜਾ ਚੁੱਕੀ ਹੈ, ਵਿੱਤ ਮੰਤਰੀ ਨੇ ਸੂਬੇ ਦੇ ਆਮ ਲੋਕਾਂ ਨੂੰ ਵੀ ਇਸ ਮੋਬਾਈਲ ਐਪ ਰਾਹੀਂ ਸੂਬੇ ਨੂੰ ਵਿੱਤੀ ਪੱਖੋਂ ਮਜ਼ਬੂਤ ਬਣਾਉਣ ਦੀ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ।