ਜੋਗੀ ਭਾਈਚਾਰੇ ਖਿਲਾਫ ਵੀਡੀਓ ਬਣਾ ਅਪਲੋਡ ਕਰਨ ਦੇ ਦੋਸ਼ ਹੇਠ,ਪ੍ਰੋਡਿਊਸਰ ਡੀ ਟ੍ਰਿਪਲ ਐਕਸ ਖਿਲਾਫ SCST ਐਕਟ ਤਹਿਤ FIR ਦਰਜ

Uncategorized

ਬਰਨਾਲਾ, 3 ਸਤੰਬਰ ਬੋਲੇ ਪੰਜਾਬ ਬਿਉਰੋ

ਜੋਗੀਭਾਈਚਾਰੇ ਖਿਲਾਫ ਵੀਡੀਓ ਬਣਾ ਅਪਲੋਡ ਕਰਨ ਦੇ ਦੋਸ਼ ਹੇਠ,ਪ੍ਰੋਡਿਊਸਰ ਡੀ ਟ੍ਰਿਪਲ ਐਕਸ ਖਿਲਾਫ SCST ਐਕਟ ਤਹਿਤ FIR ਦਰਜ 

ਬਰਨਾਲਾ ਦੇ ਥਾਣਾ ਧਨੌਲਾ ਦੀ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਪ੍ਰੋਡਿਊਸਰ ਡੀ ਟ੍ਰਿਪਲ ਐਕਸ ਦੇ ਨਾਂ ਨਾਲ ਮਸ਼ਹੂਰ ਨੌਜਵਾਨ ਖਿਲਾਫ ਪਰਚਾ ਦਰਜ ਕੀਤਾ ਹੈ। ਪ੍ਰੋਡਿਊਸਰ ਡੀ ਟ੍ਰਿਪਲ ਐਕਸ ਤੇ ਉਸ ਦੇ ਸਾਥੀਆਂ ‘ਤੇ ਜੋਗੀ ਭਾਈਚਾਰੇ ਖਿਲਾਫ ਵੀਡੀਓ ਬਣਾਉਣ ਤੇ ਅਪਲੋਡ ਕਰਨ ਦਾ ਦੋਸ਼ ਹੈ। ਥਾਣਾ ਧਨੌਲਾ ਵਿਖੇ ਇਕੱਠੇ ਹੋਏ ਜੋਗੀ ਭਾਈਚਾਰੇ ਨੇ ਪ੍ਰੋਡਿਊਸਰ ਡੀ ਟ੍ਰਿਪਲ ਐਕਸ ਤੇ ਉਸ ਦੀ ਟੀਮ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਤੇ ਉਨ੍ਹਾਂ ਦੇ ਚੈਨਲ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ।

ਪੁਲਿਸ ਅਨੁਸਾਰ ਹਰਿੰਦਰ ਸਿੰਘ ਉਰਫ਼ ਪ੍ਰੋਡਿਉਸਰ ਤੇ ਉਸ ਦੇ ਸਾਥੀਆਂ ਖ਼ਿਲਾਫ਼ ਐਸਸੀਐਸਟੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਪ੍ਰੋਡਿਊਸਰ ਤੇ ਉਸ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਪ੍ਰੋਡਿਊਸਰ ਖਿਲਾਫ ਉਸ ਦੀਆਂ ਵੀਡੀਓਜ਼ ਨੂੰ ਲੈ ਕੇ ਦੋ ਪੁਲਿਸ ਕੇਸ ਦਰਜ ਹੋ ਚੁੱਕੇ ਹਨ। ਉਸ ‘ਤੇ ਅਕਸਰ ਆਪਣੀਆਂ ਵੀਡੀਓਜ਼ ‘ਚ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਨ ਦੇ ਦੋਸ਼ ਲੱਗਦੇ ਹਨ।ਇਸ ਮੌਕੇ ਧਰਨਾਕਾਰੀਆਂ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੋਟਦੁੱਨਾ ਨਾਲ ਸਬੰਧਤ ਪ੍ਰੋਡਿਊਸਰ ਨਾਮਕ ਵਿਅਕਤੀ ਲਗਾਤਾਰ ਸੋਸ਼ਲ ਮੀਡੀਆ ‘ਤੇ ਅਸ਼ਲੀਲ ਵੀਡੀਓਜ਼ ਅਪਲੋਡ ਕਰ ਰਿਹਾ ਹੈ। ਹਾਲ ਹੀ ਵਿੱਚ ਇਸ ਵਿਅਕਤੀ ਨੇ ਜੋਗੀ ਭਾਈਚਾਰੇ ਨਾਲ ਸਬੰਧਤ ਵੀਡੀਓਜ਼ ਅਪਲੋਡ ਕੀਤੀਆਂ ਹਨ। ਉਸ ਨੇ ਜੋਗੀ ਸਮਾਜ ਤੇ ਉਸ ਦੇ ਕੰਮਾਂ ਬਾਰੇ ਬੇਹੱਦ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਹੈ। ਇਸ ਦੇ ਨਾਲ ਹੀ ਉਸ ਨੇ ਸਾਡੇ ਭਾਈਚਾਰੇ ਦੀਆਂ ਔਰਤਾਂ ਪ੍ਰਤੀ ਵੀ ਗਲਤ ਟਿੱਪਣੀਆਂ ਕੀਤੀਆਂ ਹਨ। 

ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਜੋਗੀ ਭਾਈਚਾਰੇ ਦੇ ਲੋਕ ਥਾਣਾ ਧਨੌਲਾ ਵਿਖੇ ਪੁੱਜੇ। ਇਸ ਸਬੰਧੀ ਪ੍ਰੋਡਿਊਸਰ ਖ਼ਿਲਾਫ਼ ਥਾਣਾ ਸਦਰ ਪੁਲਿਸ ਤੋਂ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿੱਥੇ ਇਸ ਵਿਅਕਤੀ ਤੇ ਉਸ ਦੀ ਟੀਮ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਸ ਸਬੰਧੀ ਥਾਣਾ ਧਨੌਲਾ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਧਨੌਲਾ ਨਿਵਾਸੀ ਸਿੰਦਾ ਨਾਥ ਦੇ ਬਿਆਨ ਦਰਜ ਕਰਕੇ ਹਰਿੰਦਰ ਸਿੰਘ ਉਰਫ ਪ੍ਰੋਡਿਊਸਰ ਤੇ ਉਸ ਦੇ ਸਾਥੀ ਕਿਸ਼ਨ ਦਾਸ ਖਿਲਾਫ ਐਸਸੀਐਸਟੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਦਾ ਇਲਜ਼ਾਮ ਹੈ ਕਿ ਪ੍ਰੋਡਿਊਸਰ ਨੇ ਆਪਣੇ ਸੋਸ਼ਲ ਮੀਡੀਆ ਚੈਨਲ ‘ਤੇ ਜੋਗੀ ਭਾਈਚਾਰੇ ਖਿਲਾਫ ਗਲਤ ਟਿੱਪਣੀਆਂ ਕਰਦੇ ਹੋਏ ਵੀਡੀਓ ਅਪਲੋਡ ਕੀਤਾ ਹੈ। ਇਸ ਸਬੰਧੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪ੍ਰੋਡਿਊਸਰ ਤੇ ਉਸ ਦੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *